ਚੌਦਾਂ ਰਤਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਦਾਂ ਰਤਨ. ਦੇਖੋ, ਰਤਨ ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੌਦਾਂ ਰਤਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੌਦਾਂ ਰਤਨ: ਸਿੱਖ ਅਧਿਆਤਮਿਕਤਾ ਵਿਚ ਇਨ੍ਹਾਂ ਰਤਨਾਂ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ , ਪਰ ਭਾਰਤੀ ਸੰਸਕ੍ਰਿਤੀ ਨਾਲ ਸੰਬੰਧਿਤ ਅਵੱਸ਼ ਹਨ। ਇਨ੍ਹਾਂ ਚੌਦਾਂ ਰਤਨਾਂ ਦਾ ਸੰਬੰਧ ਸਮੁੰਦਰ ਰਿੜਕਣ ਦੇ ਆਖਿਆਨ ਨਾਲ ਹੈ। ‘ਬਾਲਮੀਕਿ ਰਾਮਾਇਣ’ (ਬਾਲ-ਕਾਂਡ), ‘ਭਾਗਵਤ-ਪੁਰਾਣ’ (ਅੱਠਵਾਂ ਸਕੰਧ) ਅਤੇਮਹਾਭਾਰਤ ’ (ਆਦਿ-ਪਰਵ) ਅਨੁਸਾਰ ਸੱਤਯੁਗ ਵਿਚ ਅਜਰ ਅਤੇ ਅਮਰ ਹੋਣ ਲਈ ਦੈਂਤਾਂ ਅਤੇ ਦੇਵਤਿਆਂ ਨੇ ‘ਛੀਰ ਸਮੁੰਦਰ’ ਨੂੰ ਰਿੜਕਣ ਦੀ ਯੋਜਨਾ ਬਣਾਈ। ਵਾਸੁਕੀ ਨਾਗ ਨੂੰ ਰਿੜਕਣ ਲਈ ਨੇਤਰਾ , ਮੰਦਰਾਚਲ (ਪਰਬਤ) ਨੂੰ ਮਧਾਣੀ ਅਤੇ ਕੱਛਪ ਨੂੰ ਆਧਾਰ ਬਣਾ ਕੇ ਰਿੜਕਣ ਦਾ ਕੰਮ ਸ਼ੁਰੂ ਕੀਤਾ। ਵਾਸੁਕੀ ਨਾਗ ਦੇ ਮੂੰਹ ਨੂੰ ਦੈਂਤਾਂ ਨੇ ਅਤੇ ਪੂਛਲ ਨੂੰ ਦੇਵਤਿਆਂ ਨੇ ਪਕੜਿਆ। ਰਿੜਕਣ ਦੌਰਾਨ ਵਾਸੁਕੀ ਦੇ ਮੂੰਹ ਵਿਚੋਂ ਵਿਸ਼ ਅਥਵਾ ਅੱਗ ਨਿਕਲੀ ਜਿਸ ਦਾ ਵਾਤਾਵਰਣ ਉਤੇ ਭਿਆਨਕ ਪ੍ਰਭਾਵ ਪੈਣ ਲਗਾ

            ਰਿੜਕਣ ਦੌਰਾਨ ਕ੍ਰਮਵਾਰ ਚੰਦ੍ਰਮਾ , ਲੱਛਮੀ , ਕੋਸਤੁਭ ਮਣੀ, ਪਾਰਿਜਾਤ ਬ੍ਰਿਛ, ਕਾਮਧੇਨੁ ਗਊ , ਉੱਚੈਸ਼੍ਰਵਾ ਘੋੜਾ , ਅੰਮ੍ਰਿਤ ਦਾ ਕਲਸ਼, ਧਨਵੰਤਰਿ ਅਤੇ ਐਰਾਵਤ ਹਾਥੀ ਦੀ ਪ੍ਰਾਪਤੀ ਹੋਈ। ਆਖ਼ੀਰ ਵਿਚ ਕਾਲਕੂਟ ਵਿਸ਼ ਨਿਕਲਿਆ। ਜਗਤ ਦੇ ਕਲਿਆਣ ਲਈ ਉਸ ਨੂੰ ਸ਼ਿਵ ਨੇ ਆਪਣੇ ਗਲੇ ਵਿਚ ਧਾਰਣ ਕੀਤਾ ਜਿਸ ਦੇ ਪ੍ਰਭਾਵ ਕਰਕੇ ਸ਼ਿਵ ਦਾ ਗਲਾ ਨੀਲਾ ਹੋ ਗਿਆ। ਫਲਸਰੂਪ ਸ਼ਿਵ ਦਾ ਇਕ ਨਾਮਾਂਤਰ ‘ਨੀਲ -ਕੰਠ’ ਹੋਇਆ। ਇਨ੍ਹਾਂ ਦਸਾਂ ਤੋਂ ਇਲਾਵਾ ਅੱਪਛਰਾਵਾਂ, ਵਾਰੁਣੀ (ਮੱਦ), ਸ਼ੰਖ ਅਤੇ ਸਾਰੰਗ ਧਨੁਸ਼ ਪੈਦਾ ਹੋਏ। ਵਖ ਵਖ ਆਖਿਆਨਾਂ ਵਿਚ ਰਤਨਾਂ ਦੇ ਵਿਵਰਣ-ਕ੍ਰਮ ਵਿਚ ਅੰਤਰ ਹੈ।

            ਅੰਮ੍ਰਿਤ ਦੀ ਪ੍ਰਾਪਤੀ ਲਈ ਦੇਵ-ਅਸੁਰ ਸੰਗ੍ਰਾਮ ਹੋਇਆ। ਵਿਸ਼ਣੂ ਨੇ ਮੋਹਿਨੀ ਦਾ ਰੂਪ ਧਾਰਣ ਕਰਕੇ ਅਤੇ ਦੈਂਤਾਂ ਨੂੰ ਫੁਸਲਾ ਕੇ ਅੰਮ੍ਰਿਤ ਦੇਵਤਿਆਂ ਵਿਚ ਵੰਡਣਾ ਸ਼ੁਰੂ ਕੀਤਾ। ਤਦ ਰਾਹੂ ਨਾਂ ਦੇ ਦੈਂਤ ਨੇ ਭੇਸ ਬਦਲ ਕੇ ਦੇਵਤਿਆਂ ਦੀ ਪੰਗਤ ਵਿਚ ਬੈਠ ਕੇ ਅੰਮ੍ਰਿਤ ਪ੍ਰਾਪਤ ਕਰ ਲਿਆ। ਇਸ ਗੱਲ ਦੀ ਸੂਚਨਾ ਚੰਦ੍ਰਮਾ ਅਤੇ ਸੂਰਜ ਨੇ ਵਿਸ਼ਣੂ ਨੂੰ ਦਿੱਤੀ। ਵਿਸ਼ਣੂ ਨੇ ਰਾਹੂ ਦਾ ਸਿਰ ਕਟ ਦਿੱਤਾ। ਕੁਝ ਅੰਮ੍ਰਿਤ ਅੰਦਰ ਚਲੇ ਜਾਣ ਕਾਰਣ ਰਾਹੂ ਪੂਰੀ ਤਰ੍ਹਾਂ ਖ਼ਤਮ ਨ ਕੀਤਾ ਜਾ ਸਕਿਆ ਅਤੇ ਉਹ ਸਿਰ ਅਤੇ ਧੜ ਦੇ ਦੋ ਹਿੱਸਿਆਂ ਵਿਚ ਰਾਹੂ ਅਤੇ ਕੇਤੂ ਦੋ ਵਜੂਦਾਂ ਵਾਲਾ ਬਣ ਗਿਆ। ਉਸ ਦਿਨ ਤੋਂ ਰਾਹੂ ਦਾ ਸੂਰਜ ਅਤੇ ਚੰਦ੍ਰਮਾ ਨਾਲ ਵੈਰ ਚਲਿਆ ਆ ਰਿਹਾ ਹੈ। ਭਾਈ ਗੁਰਦਾਸ ਨੇ ਇਨ੍ਹਾਂ ਰਤਨਾਂ ਦੀ ਵੰਡ ਦਾ ਵਿਵਰਣ ਦਿੰਦਿਆਂ ਲਿਖਿਆ ਹੈ—ਖੀਰ ਸਮੁੰਦੁ ਵਿਰੋਲਿ ਕੈ ਕਢਿ ਰਤਨ ਚਉਦਹ ਵੰਡਿ ਲੀਤੇ ਮਣਿ ਲਖਮੀ ਪਾਰਜਾਤ ਸੰਖੁ ਸਾਰੰਗ ਧਣਖੁ ਬਿਸਨੁ ਵਸਿ ਕੀਤੇ ਕਾਮਧੇਣੁ ਤੇ ਅਪਛਰਾ ਐਰਾਪਤਿ ਇੰਦ੍ਰਾਸਣਿ ਸੀਤੇ ਕਾਲਕੂਟ ਤੇ ਅਰਧ ਚੰਦੁ ਮਹਾਦੇਵ ਮਸਤਕਿ ਧਰਿ ਪੀਤੇ ਘੋੜਾ ਮਿਲਿਆ ਸੂਰਜੈ ਮਦੁ ਅੰਮ੍ਰਿਤੁ ਦੇਵ ਦਾਨਵ ਰੀਤੇ ਕਰੇ ਧਨੰਤਰੁ ਵੈਦਗੀ ਡਸਿਆ ਤਛੁਕਿ ਮਤਿ ਬਿਪਰੀਤੇ (26/23)

ਰਾਮਕਲੀ ਰਾਗ ਵਿਚ ਰਾਇ ਬਲਵੰਡਿ ਅਤੇ ਸਤੈ ਡੂਮਿ ਦੀ ਉਚਾਰੀ ਵਾਰ ਵਿਚ ਇਨ੍ਹਾਂ ਰਤਨਾਂ ਦੇ ਭਾਵੀਕ੍ਰਿਤ ਅਰਥ ਕਰਕੇ ਗੁਰੂ ਨਾਨਕ ਦੇਵ ਜੀ ਦੁਆਰਾ ਸ਼ਬਦ-ਸਾਗਰ ਨੂੰ ਰਿੜਕਣ ਦਾ ਸੰਕੇਤ ਹੈ— ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ਚਉਦਹ ਰਤਨ ਨਿਕਾਲਿਅਨੁ ਕਰਿ ਆਵਾਗਉਣ ਚਿਲਕਿਓਨੁ (ਗੁ.ਗ੍ਰੰ.967)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚੌਦਾਂ ਰਤਨ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੌਦਾਂ ਰਤਨ : ਪੁਰਾਣਾਂ ਅਨੁਸਾਰ ਸਤਿਯੁਗ ਵਿਚ ਖ਼ੀਰ ਸਾਗਰ ਨੂੰ ਰਿੜਕਨ ਉਪਰੰਤ ਪ੍ਰਾਪਤ ਹੋਏ ਚੌਦਾਂ ਪਦਾਰਥ, ਚੌਦਾਂ ਰਤਨ ਹਨ। ਬਾਲਮੀਕੀ ਰਾਮਾਇਣ, ਮਹਾਭਾਰਤ ਅਤੇ ਭਾਗਵਤ ਪੁਰਾਣ ਵਿਚ ਦਿੱਤੀਆਂ ਕਥਾਵਾਂ ਅਨੁਸਾਰ ਦੈਂਤਾਂ ਅਤੇ ਦੇਵਤਿਆਂ ਨੇ ਅਮਰ ਹੋਣ ਲਈ ਅੰਮ੍ਰਿਤ ਪ੍ਰਾਪਤ ਕਰਨਾ ਚਾਹਿਆ, ਇਸ ਲਈ ਖੀਰ ਸਾਗਰ ਨੂੰ ਰਿੜਕਨ ਲਈ ਵਾਸੁਕੀ ਨਾਗ ਨੂੰ ਨੇਤਰਾ, ਮੰਦਰਾਚਲ ਪਰਬਤ ਨੂੰ ਮਧਾਣੀ ਅਤੇ ਕੱਛਪ (ਕੱਛੂ) ਨੂੰ ਆਧਾਰ ਬਣਾਇਆ ਗਿਆ। ਇਸ ਕਿਰਿਆ ਦੌਰਾਨ ਹੇਠ ਲਿਖੇ ਚੌਦਾਂ ਪਦਾਰਥ ਪ੍ਰਾਪਤ ਹੋਏ; –ਚੰਦ੍ਰਮਾ, ਲੱਛਮੀ, ਕੌਸਤੁਭ ਮਣੀ, ਪਾਰਜਾਤ ਰੁੱਖ, ਕਾਮਧੇਨੁ ਗਊ, ਉਚੈਸ਼੍ਰਵਾ ਘੋੜਾ, ਅੰਮ੍ਰਿਤ, ਧਨੰਤਰ ਵੈਦ, ਐਰਾਵਤ ਹਾਥੀ, ਅਪੱਛਰਾਵਾਂ, ਵਾਰੁਣੀ (ਸ਼ਰਾਬ ਸੰਖ, ਸਾਰੰਗ ਧਨੁਸ਼ ਅਤੇ ਕਾਲਕੂਟ ਵਿਸ਼। ਸ਼ਿਵ ਜੀ ਨੇ ਜਗਤ ਕਲਿਆਣ ਲਈ ਕਾਲਕੂਟ ਵਿਸ਼ ਪੀਤਾ ਅਤੇ ਇਸ ਦਾ ਅਸਰ ਗਲੇ ਤੋਂ ਹੇਠਾਂ ਜਾਣ ਤੋਂ ਬਚਾਉਣ ਲਈ ਸੱਪਾਂ ਦੀ ਮਾਲਾ ਪਹਿਨੀ। ਇਸੇ ਕਾਰਨ ਸ਼ਿਵ ਜੀ ਨੂੰ ਨੀਲਕੰਠ ਵੀ ਕਿਹਾ ਜਾਂਦਾ ਹੈ।

ਇਨ੍ਹਾਂ ਰਤਨਾਂ ਦੀ ਵੰਡ ਬਾਰੇ ਭਾਈ ਗੁਰਦਾਸ ਜੀ ਦਾ ਫੁਰਮਾਨ ਹੈ :–

     ਖੀਰ ਸਮੁੰਦ ਵਿਰੋਲਿ ਕੈ ਕਢਿ ਰਤਨ ਚਉਦਹ ਵੰਡਿ ਲੀਤੇ ‖

    ਮਣਿ ਲਖਮੀ ਪਾਰਜਾਤ ਸੰਖੁ ਸਾਰੰਗ ਧਣਖੁ ਬਿਸਨੁ ਵਸਿ ਕੀਤੇ ‖

   ਕਾਮਧੇਨੁ ਤੇ ਅਪਛਰਾ ਐਰਾਵਤਿ ਇੰਦਾਸਣਿ ਸੀਤੇ ‖

  ਕਾਲਕੂਟ ਤੇ ਅਰਧ ਚੰਦ ਮਹਾਦੇਵ ਮਸਤਕਿ ਧਰਿ ਪੀਤੇ ‖

 ਘੋੜਾ ਮਿਲਿਆ ਸੂਰਜੈ ਮਦੁ ਅੰਮ੍ਰਿਤੁ ਦੇਵ ਦਾਨਵ ਰੀਤੇ ‖

 ਕਰੇ ਧੰਨਤਰੁ ਵੈਦਗੀ ਡਸਿਆ ਤਛੁਕਿ ਮਤਿ ਬਿਪਰੀਤੇ ‖

ਅੰਮ੍ਰਿਤ ਹਾਸਲ ਕਰਨ ਲਈ ਦੇਵਾਂ ਤੇ ਦਾਨਵਾਂ ਵਿਚ ਝਗੜਾ ਹੋ ਗਿਆ। ਵਿਸ਼ਨੂੰ ਜੀ ਨੇ ਮੋਹਿਨੀ ਰੂਪ ਧਾਰ ਕੇ ਅੰਮ੍ਰਿਤ ਦਾ ਘੜਾ ਆਪਣੇ ਹੱਥ ਲੈ ਲਿਆ ਅਤੇ ਦੇਵਤਿਆਂ ਵਿਚ ਵਰਤਾਉਣਾ ਸ਼ੁਰੂ ਕਰ ਦਿੱਤਾ। ਰਾਹੂ ਨੇ ਦੇਵਤਿਆਂ ਦਾ ਭੇਸ ਧਾਰ ਕੇ ਅੰਮ੍ਰਿਤ ਪ੍ਰਾਪਤ ਕਰ ਲਿਆ। ਸੂਰਜ ਅਤੇ ਚੰਦ੍ਰਮਾ ਨੇ ਵਿਸ਼ਨੂੰ ਜੀ ਕੋਲ ਉਸ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੇ ਰਾਹੂ ਦਾ ਸਿਰ ਕੱਟ ਦਿੱਤਾ। ਰਾਹੂ ਦੇ ਅੰਦਰ ਅੰਮ੍ਰਿਤ ਦੀਆਂ ਕੁਝ ਬੂੰਦਾਂ ਚਲੀਆਂ ਗਈਆਂ ਸਨ ਇਸ ਕਾਰਨ ਉਹ ਮਰਿਆ ਨਾ ਅਤੇ ਉਸ ਦੇ ਸਿਰ ਅਤੇ ਧੜ ਦੇ ਦੋ ਵਜੂਦ ਰਾਹੂ ਅਤੇ ਕੇਤੂ ਹੋ ਗਏ। ਕਿਹਾ ਜਾਂਦਾ ਹੈ ਕਿ ਉਸੇ ਦਿਨ ਤੋਂ ਰਾਹੂ ਦਾ ਸੂਰਜ ਅਤੇ ਚੰਦ੍ਰਮਾ ਨਾਲ ਵੈਰ ਹੈ ਅਤੇ ਇਹ ਸਮੇਂ ਸਮੇਂ ਤੇ ਉਨ੍ਹਾਂ ਨੂੰ ਗ੍ਰਸ ਲੈਂਦਾ ਹੈ ਜਿਸ ਨੂੰ ਗ੍ਰਹਿਣ ਲਗਣਾ ਆਖਿਆ ਜਾਂਦਾ ਹੈ।

ਰਾਮਕਲੀ ਰਾਗ ਵਿਚ ਉਚਾਰਣ ਕੀਤੀ ਰਾਇ ਬਲਵੰਡ ਅਤੇ ਸਤੇ ਡੂਮ ਦੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਸ਼ਬਦ ਸਾਗਰ ਨੂੰ ਰਿੜਕ ਕੇ ਅਮੋਲਕ ਰਤਨਾਂ ਦੀ ਪ੍ਰਾਪਤੀ ਦਾ ਸੰਕੇਤ ਦਿੱਤਾ ਗਿਆ ਹੈ :–

 ਮਾਧਣਾ ਪਰਬੁਤ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ‖

 ਚਉਦਹ ਰਤਨ ਨਿਕਾਲਿਅਨੁ ਕਰਿ ਆਵਾਗਉਣੁ ਚਿਲਿਕਿਓਨੁ ‖


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-12-30-30, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਸਾ. ਸੰ. ਕੋ.; ਨਾਂਵਾਂ ਤੇ ਥਾਵਾਂ ਦਾ ਕੋਸ਼

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.